Elementor #2289

Reading Time: 4 minutes

ਸੱਜੇ ਜਾਂ ਖੱਬੇ?

 

 
ਆਪਣੀ ਜਿੰਦਗੀ ਦੇ ਉਸ ਪਲਾਂ ਨੂੰ ਯਾਦ ਕਰੋ ਜਦੋਂ ਤੁਸੀਂ 20-30 ਸਾਲਾਂ ਦੇ ਸੀ। 20-30 ਸਾਲਾਂ ਦਾ ਦਹਾਕਾ ਇੱਕ ਇਹੋ ਜਿਹਾ ਦਹਾਕਾ ਹੈ ਜੋ ਕਿ ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਦਹਾਕਿਆਂ ਦਾ ਨਿਰਮਾਣ ਕਰਨ ਦਾ ਬਲ ਰੱਖਦਾ ਹੈ। ਇਹ ਉਹ ਹੀ ਦਹਾਕਾ ਹੈ ਜਿਸ ਵਿੱਚ ਜਿਆਦਾਤਰ ਬੱਚੇ ਕਾਲਜ ਖਤਮ ਕਰ ਲੈਂਦੇ ਹਨ, ਜਿਆਦਾਤਰ ਬੰਦੇ ਸ਼ਾਦੀਸ਼ੁਦਾ ਹੋ ਜਾਂਦੇ ਹਨ, ਤੇ ਹਰ ਕੋਈ ਕਿਸੇ ਨਾ ਕਿਸੇ ਨੌਕਰੀ ਦੀ ਭਾਲ ਚ ਲਗਿਆ ਹੁੰਦਾ ਹੈ।
 
ਪਰ ਅਸੀਂ ਸਮਾਜ ਦੇ ਤੌਰ ਤਰੀਕਿਆਂ ਵਿੱਚ ਇੰਨਾ ਉਲਝ ਜਾਂਦੇ ਹਾਂ, ਸਮਾਜ ਦੇ ਰੀਤੀ ਰਿਵਾਜ ਸਾਡੇ ਤੇ ਇਸ ਕਦਰ ਹਾਵੀ ਹੋ ਜਾਂਦੇ ਹਨ ਕਿ ਅਸੀਂ ਇਕ ਅਜਿਹਾ ਮੌਕਾ ਅਣਡਿੱਠਾ ਕਰ ਬੈਠਦੇ ਹਾਂ ਜੋ ਕਿ ਸਾਨੂੰ ਜ਼ਿੰਦਗੀ ਇਸੇ ਦਹਾਕੇ ਵਿੱਚ ਦਿੰਦੀ ਹੈ। ਉਹ ਮੌਕਾ ਹੁੰਦਾ ਹੈ ਰਾਸਤਾ ਚੁਣਨ ਦਾ। ਜਿੰਦਗੀ ਦੇ ਗੱਡੀ ਇੱਕ ਅਜਿਹੀ ਜਗ੍ਹਾ ਤੇ ਆ ਖੜੀ ਹੁੰਦੀ ਹੈ ਕਿ ਉਸਦਾ ਰਾਸਤਾ ਅੱਗੇ ਦੋ ਬਿਲਕੁਲ ਅਲੱਗ ਰਸਤਿਆਂ ਵਿੱਚ ਵੰਡਿਆ ਜਾਂਦਾ ਹੈ – ਸੱਜੇ ਤੇ ਖੱਬੇ।
 
ਜੇਕਰ ਤੁਸੀਂ ਇਸ ਮੌਕੇ ਨੂੰ ਆਪਣੇ ਟਾਈਮ ਚ ਪਹਿਚਾਣ ਲਿਆ ਸੀ ਜਾਂ ਹੁਣ ਪਹਿਚਾਣ ਚੁੱਕੇ ਹੋ, ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ, ਕਿਉਕਿ ਕਈ ਲੋਕ ਇਸ ਮੌਕੇ ਦੀ ਪਹਿਚਾਣ ਹੀ ਨਹੀਂ ਕਰ ਪਾਉਂਦੇ।
ਖੱਬੇ ਵਾਲਾ ਰਾਸਤਾ – ਜਿਸਦੇ ਉੱਤੇ 99% ਲੋਕ ਤੁਰਦੇ ਹਨ, ਜੋ ਬਿਲਕੁਲ ਸਿੱਧਾ ਹੈ, ਜਿਸ ਵਿਚ ਕਿਸੇ ਵ ਤਰਾਂ ਦਾ ਕੋਈ ਵੀ ਬਿੰਗ ਬਲ ਨਹੀਂ, ਜਿਸ ਵਿਚ ਤੁਹਾਨੂੰ ਤੁਹਾਡੀ ਜਿੰਦਗੀ ਦੇ ਭਵਿੱਖ ਬਾਰੇ ਕਾਫ਼ੀ ਕੁਛ ਪਤਾ ਹੁੰਦਾ ਹੈ, ਜਿਸਤੇ ਚਲਣ ਨਾਲ ਤੁਹਾਡੇ ਕੋਲ ਚੰਗੇ ਪੈਸੇ ਵੀ ਹੋਣਗੇ। ਪਰ ਇਸ ਰਾਸਤੇ ਤੇ ਚਲਣ ਨਾਲ ਤੁਹਾਡੀ ਜ਼ਿੰਦਗੀ ਚੋ ਉਤਸਾਹ ਖਤਮ ਹੋ ਜਾਵੇਗਾ ਕਿਉਕਿ ਜੋ ਵੀ ਤੁਸੀਂ ਕੰਮ ਕਰੋਗੇ ਉਸ ਵਿੱਚ ਤੁਹਾਡਾ ਦਿਲ ਨਹੀਂ ਲੱਗੇਗਾ, ਉਹ ਕੰਮ ਤੁਹਾਡੇ ਵਿੱਚ ਊਰਜਾ ਭਰਨ ਦੀ ਬਜਾਏ ਤੁਹਾਡੇ ਚੋਂ ਊਰਜਾ ਖਤਮ ਕਰ ਦੇਵੇਗਾ, ਜੋ ਤੁਹਾਨੂੰ ਮਹਿਸੂਸ ਕਰਨ ਲਾ ਦੇਵੇਗਾ ਕਿ ਤੁਹਾਡੀ ਜ਼ਿੰਦਗੀ ਅਰਥਹੀਣ ਹੈ, ਜੋ ਤੁਹਾਡੇ ਲਈ ਮਾਨਸਿਕ ਤਨਾਵ ਦਾ ਇੱਕ ਵੱਡਾ ਕਾਰਨ ਬਣ ਜਾਵੇਗਾ, ਜਿਸ ਵਿੱਚ ਤੁਹਾਨੂੰ ਕੁਝ ਵੀ ਨਵਾਂ ਸਿੱਖਣ ਨੂੰ ਨਹੀਂ ਮਿਲੇਗਾ, ਅਤੇ ਤੁਹਾਡੀ ਜ਼ਿੰਦਗੀ ਸਮਾਜਿਕ ਦਾਇਰਿਆ ਵਿਚ ਹੀ ਸੀਮਤ ਰਹਿ ਜਾਵੇਗੀ ਤੇ ਤੁਹਾਨੂੰ ਤੁਹਾਡੀ ਸਮਤਾ ਦਾ ਕਦੇ ਵੀ ਪੂਰਾ ਅੰਦਾਜ਼ਾ ਨਹੀਂ ਹੋਵੇਗਾ। ਸਮਾਜ ਤੁਹਾਨੂੰ ਹੱਲਾਸ਼ੇਰੀ ਦੇਵੇਗਾ, ਤੁਹਾਨੂੰ ਇਹ ਮਹਿਸੂਸ ਕਰਵਾਉਂਦਾ ਰਹੇਗਾ ਕਿ ਤੁਸੀਂ ਸਫ਼ਲ ਹੋ ਰਹੇ ਹੋ, ਪਰ ਅੰਦਰ ਹੀ ਅੰਦਰ ਤੁਹਾਨੂੰ ਪਤਾ ਹੋਵੇਗਾ ਕਿ ਇਹ ਸਫ਼ਲਤਾ ਨਹੀਂ ਹੈ। ਫਿਰ ਵੀ ਸਮਾਜ ਤੇ ਪਰਿਵਾਰ ਦੇ ਡਰ ਤੋਂ ਤੁਸੀਂ ਇਸ ਰਾਸਤੇ ਤੇ ਚਲਦੇ ਜਾਉਗੇ।
 
ਦੂਸਰਾ ਰਾਸਤਾ ਹੈ ਸੱਜੇ ਪਾਸੇ ਵਾਲਾ। ਇਸਤੇ ਬਹੁਤ ਹੀ ਘੱਟ ਲੋਕ ਤੁਰਦੇ ਹਨ ਕਿਉਕਿ ਇਸ ਉੱਪਰ ਬਹੁਤ ਮੁਸ਼ਕਿਲਾਂ ਹੋਣਗੀਆਂ। ਕੰਡਿਆ ਨਾਲ ਭਰਿਆ ਹੋਇਆ ਰਾਸਤਾ ਤੁਹਾਨੂੰ ਬਾਰ ਬਾਰ ਝੁਕਾਉਣ ਦੀ ਕੋਸ਼ਿਸ ਕਰੇਗਾ, ਇਸ ਰਾਸਤੇ ਤੇ ਬਹੁਤ ਬਿੰਗ ਬਲ ਹੋਣਗੇ। ਇਸ ਰਾਸਤੇ ਤੇ ਚਲਕੇ ਤੁਹਾਡੀ ਜਿੰਦਗੀ ਦੀ ਕੋਈ ਸੀਮਾ ਨਹੀਂ ਹੋਵੇਗੀ, ਕਿਉਕਿ ਜੋ ਤੁਸੀਂ ਕੰਮ ਕਰ ਰਹੇ ਹੋ ਜਾਂ ਜੋ ਤੁਸੀਂ ਫ਼ੈਸਲੇ ਲੈ ਰਹੇ ਹੋ ਉਹ ਬਾਕੀਆਂ ਨਾਲੋ ਅਲੱਗ ਹੋਣਗੇ। ਇਸ ਰਾਸਤੇ ਤੇ ਤੁਸੀਂ ਜੋ ਵੀ ਕੰਮ ਕਰੋਗੇ ਉਹ ਪੂਰੇ ਦਿਲ ਨਾਲ ਕਰੋਗੇ, ਉਸ ਕੰਮ ਦੀ ਤੁਸੀਂ ਇਸ ਤਰ੍ਹਾਂ ਪਾਲ ਪੋਸ਼ ਕਰੋਗੇ ਜਿਵੇਂ ਮਾਂ ਇੱਕ ਬੱਚੇ ਦੀ ਕਰਦੀ ਹੈ, ਇਸ ਤਰ੍ਹਾਂ ਰੱਖਿਆ ਕਰੋਗੇ ਜਿਵੇਂ ਪਿਉ ਆਪਣੇ ਪਰਿਵਾਰ ਦੀ ਕਰਦਾ ਹੈ। ਉਹ ਕੰਮ ਕਰਨ ਲਈ ਤੁਸੀਂ ਹਰ ਰੋਜ ਉਤਸ਼ਾਹ ਨਾਲ ਉਠੋਗੇ, ਤੁਹਾਡੀ ਜਿੰਦਗੀ ਉੱਤਸੁਕਤਾਵਾਂ ਨਾਲ ਭਰੀ ਹੋਵੇਗੀ ਕਿਉਕਿ ਇਸ ਰਾਸਤੇ ਤੇ ਚਲਕੇ ਤੁਹਾਡੀ ਜ਼ਿੰਦਗੀ ਇੱਕ ਤੋਹਫ਼ੇ ਦੀ ਤਰ੍ਹਾਂ ਬਣ ਜਾਵੇਗੀ – ਤੁਹਾਨੂੰ ਨਹੀਂ ਪਤਾ ਹੋਵੇਗਾ ਇਸ ਦੇ ਅੰਦਰ ਕੀ ਹੈ।
ਇਸ ਰਾਸਤੇ ਤੇ ਚੱਲਣ ਨਾਲ ਪਹਿਲਾਂ ਪਹਿਲਾਂ ਤੁਸੀਂ ਸਮਾਜ ਦੀਆਂ ਨਿਗਾਹਾਂ ਵਿੱਚ ਇੱਕ ਪਾਗ਼ਲ, ਬੇਸਮਝ ਇਨਸਾਨ ਦਿਖਦੇ ਹੋ। ਤੁਹਾਨੂੰ ਤਰ੍ਹਾਂ – ਤਰ੍ਹਾਂ ਦੀਆਂ ਗਲਾਂ ਸੁਣਨ ਨੂੰ ਮਿਲਣ ਗੀਆ, ਸਮਾਜ ਹਰ ਕੋਈ ਕੋਸ਼ਿਸ ਕਰੇਗਾ ਤੁਹਾਨੂੰ ਵਾਪਿਸ ਸਮਾਜਕ ਦਾਇਰੇ ਵਿੱਚ ਖਿੱਚਣ ਲਈ। ਇਹ ਸਫ਼ਰ ਇੰਨਾ ਸੌਖਾ ਨਹੀਂ ਹੋਵੇਗਾ ਜਿੰਨਾ ਸੁਣਨ ਨੂੰ ਲਗਦਾ ਹੈ। ਇਸ ਰਾਸਤੇ ਤੇ ਚਲਣ ਨਾਲ ਤੁਸੀਂ ਇਹ ਸਬ ਚੀਜਾਂ ਸਿੱਖੋਗੇ ਜੋ 99% ਲੋਕ ਨਹੀਂ ਸਿੱਖ ਸਕਦੇ, ਉਹ ਤਜ਼ਰਬੇ ਹੋਣਗੇ ਜੋ 99% ਲੋਕਾਂ ਨੂੰ ਨਹੀਂ ਹੁੰਦੇ, ਕਿਉਕਿ ਓਹਨਾ ਵਿੱਚ ਇਸ ਰਾਸਤੇ ਤੇ ਚਲਣ ਲਈ ਹਿੰਮਤ ਤੇ ਉਤਸਾਹ ਹੀ ਨਹੀਂ ਹੁੰਦਾ – ਉਹ ਬੱਸ ਭੇਡਾਂ ਦੀ ਤਰਾਂ ਸਮਾਜਿਕ ਦੌੜ ਵਿੱਚ ਪਹਿਲੇ, ਦੂਸਰੇ, ਤੀਸਰੇ ਨੰਬਰ ਤੇ ਆਉਣ ਨੂੰ ਹੀ ਸਫ਼ਲਤਾ ਸਮਝਦੇ ਹਨ। ਇਸ ਰਾਸਤੇ ਤੇ ਚੱਲਣ ਵਾਲਿਆਂ ਲਈ ਸਿਰਫ਼ ਪੈਸਾ ਹੀ ਸਭ ਕੁਝ ਨਹੀਂ ਹੁੰਦਾ – ਹਾਂ, ਤੁਸੀਂ ਪੈਸਾ ਕਮਾਉਗੇ ਪਰ ਤੁਸੀਂ ਸਿਰਫ ਪੈਸੇ ਕਮਾਉਣ ਲਈ ਹੀ ਉਹ ਕੰਮ ਨਹੀਂ ਕਰੋਗੇ।
 
ਜੇਕਰ ਜ਼ਿੰਦਗੀ ਦਾ ਮਤਲਬ ਭੇਡਾਂ ਵਾਂਗ ਇੱਕ ਦੂਜੇ ਦੇ ਪਿੱਛੇ ਲਗਕੇ ਭੇੜ ਚਾਲ ਦਾ ਹਿੱਸਾ ਬਣਨਾ ਹੈ, ਤਾਂ ਖੱਬੇ ਰਾਸਤੇ ਚ ਕੋਈ ਬੁਰਾਈ ਨਹੀਂ।
ਪਰ ਜੇ ਜ਼ਿੰਦਗੀ ਦਾ ਮਤਲਬ ਜਿਉਣਾ ਹੈ, ਸਿੱਖਣਾ ਹੈ, ਵੱਖਰੇ – ਵੱਖਰੇ ਤਜ਼ਰਬੇ ਕਰਨਾ ਹੈ, ਮੁਸ਼ਕਲਾਂ ਨਾਲ ਖੇਡਣਾ ਹੈ, ਤਾਂ ਖੱਬੇ ਰਾਸਤੇ ਤੋਂ ਬੁਰਾ ਵੀ ਕੋਈ ਰਾਸਤਾ ਨਹੀਂ ਹੈ।
 
ਅੱਗੇ ਵਧਣ ਤੋਂ ਪਹਿਲਾਂ ਮੈ ਤੁਹਾਨੂੰ ਪੁੱਛਣਾ ਚਾਉਂਦਾ ਹਾਂ ਕਿ ਜੇਕਰ ਤੁਹਾਨੂੰ ਜਿੰਦਗੀ ਇਹ ਮੌਕਾ ਦਿੰਦੀ ਅਤੇ ਤੁਸੀਂ ਇਹ ਮੌਕਾ ਪਹਿਚਾਣ ਵੀ ਲੈਂਦੇ, ਤਾਂ ਤੁਸੀਂ ਕਿਸ ਤਰਫ ਜਾਂਦੇ – ਸੱਜੇ ਜਾਂ ਖੱਬੇ?
 
ਜਦੋਂ ਕੋਈ ਸੱਜੇ ਰਾਸਤੇ ਤੇ ਤੁਰਨ ਦੀ ਹਿੰਮਤ ਕਰਦਾ ਹੈ, ਤਾਂ ਉਸਨੂੰ ਰੋਕਣ ਦੀ ਬਜਾਏ ਸਾਨੂੰ ਉਸਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਕਿਉਕਿ ਜਿੱਥੇ ਹਰ ਕੋਈ ਖੱਬੇ ਵੱਲ ਨੂੰ ਭੱਜ ਰਿਹਾ ਹੈ, ਉਸ ਸਮਾਜ ਵਿੱਚ ਸੱਜਾ ਰਾਸਤਾ ਚੁਣਨਾ ਇੱਕ ਜੰਗ ਦੇ ਬਰਾਬਰ ਹੁੰਦਾ ਹੈ – ਬੱਸ ਫ਼ਰਕ ਸਿਰਫ਼ ਇੰਨਾਂ ਹੁੰਦਾ ਹੈ ਕਿ ਇਹ ਜੰਗ ਤਲਵਾਰਾਂ ਜਾਂ ਤੋਪਾਂ ਜਾਂ ਟੈਂਕਾ ਨਾਲ ਨਹੀਂ ਬਲਕਿ ਚੁੱਪ ਰਹਿ ਕਿ ਲੜੀ ਜਾਂਦੀ ਹੈ।
 
ਅੰਤ ਵਿੱਚ ਮੈਂ ਇਹ ਹੀ ਕਹਾਗਾ ਕਿ ਬੁਢਾਪੇ ਵਿੱਚ ਸਭ ਤੋਂ ਵੱਡਾ ਜੇਕਰ ਕੋਈ ਦਰਦ ਹੋ ਸਕਦਾ ਹੈ ਤਾਂ ਉਹ ਹੈ ਆਪਣੀ ਜ਼ਿੰਦਗੀ ਆਪਣੇ ਤਰੀਕਿਆਂ ਨਾਲ ਨਾਂ ਜਿਉਣ ਦੇ ਪਛਤਾਵੇ ਦਾ ਦਰਦ, ਸਾਰੀ ਜ਼ਿੰਦਗੀ ਭੇੜ ਚਾਲ ਦਾ ਹਿੱਸਾ ਬਣ ਕੇ ਜਿਉਣ ਦਾ ਦਰਦ, ਡਿੱਗਣ ਦੇ ਡਰ ਤੋਂ ਤੁਰਨਾ ਨਾ ਸਿੱਖਣ ਦਾ ਦਰਦ, ਫੇਲ ਹੋਣ ਦੇ ਡਰ ਤੋਂ ਜੋਖ਼ਮ ਨਾ ਲੈਣ ਦਾ ਦਰਦ, ਗ਼ਲਤ ਹੋਣ ਦੇ ਡਰ ਤੋਂ ਕੁਝ ਨਵਾਂ ਨਾ ਸਿੱਖਣ ਦਾ ਦਰਦ। ਬਾਕੀ ਦਰਦਾਂ ਦੀ ਦਵਾਈ ਤਾਂ ਮਿਲ ਜਾਵੇਗੀ, ਪਰ ਪਛਤਾਵੇ ਦੀ ਕੋਈ ਦਵਾਈ ਨਹੀਂ ਜੋ ਤੁਹਾਨੂੰ ਅੰਦਰੋਂ ਸਿਓਂਕ ਵਾਂਗ ਖਾਂਦਾ ਰਹਿੰਦਾ ਹੈ।