Elementor #2264

Reading Time: 4 minutes

# ਇਹ ਨਾ ਭੁੱਲੋ ਕਿ ਅਸੀਂ ਅਰਬਾਂ ਵਿੱਚ ਹਾਂ|

ਅਜਿਹੇ ਰੌਂਗਟੇ ਖੜੇ ਕਰਨ ਦੇਣ ਵਾਲੇ ਦ੍ਰਿਸ਼ ਜਦੋਂ ਵੀ ਅਤੇ ਜਿੱਥੇ ਵੀ ਤੁਸੀਂ ਦੇਖਦੇ ਹੋ, ਤੁਹਾਨੂੰ ਅੰਦਰ ਹੀ ਅੰਦਰ ਬਹੁਤ ਪ੍ਰੇਰਿਤ ਕਰਦੇ ਹਨ। ਇਹ ਦ੍ਰਿਸ਼ ਦਰਸਾਉਂਦੇ ਹਨ ਕਿ ਕੀ ਹੁੰਦਾ ਹੈ ਜਦੋਂ ਲੋਕਾਂ ਨੂੰ ਉਨ੍ਹਾਂ ਦੀ ਗਿਣਤੀ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ। ਉਹ ਗਿਣਤੀ ਜੋ ਹਜ਼ਾਰਾਂ ਵਿਚ ਨਹੀਂ, ਲੱਖਾਂ ਵਿਚ ਵੀ ਨਹੀਂ, ਬਲਕਿ ਅਰਬਾਂ ਵਿਚ ਹੈ। ਹਾਂ, ਅਰਬਾਂ ਵਿੱਚ।

ਉਪਰੋਕਤ ਵੀਡੀਓ ਫੁਟੇਜ ਸ੍ਰੀਲੰਕਾ ਵਿੱਚ ਲਈ ਗਈ ਹੈ ਜਿੱਥੇ ਦੇਸ਼ ਵਾਸੀਆਂ ਨੇ ਆਰਥਿਕ ਸੰਕਟ ਕਾਰਨ ਆਪਣੀ ਸਰਕਾਰ ਵਿਰੁੱਧ ਬਗਾਵਤ ਕਰ ਦਿੱਤੀ ਹੈ। ਇਹ ਫੁਟੇਜ ਤੁਹਾਨੂੰ ਲੋਕਾਂ ਦੀ ਵੱਡੀ ਗਿਣਤੀ ਤਾਂ ਦਿਖਾ ਰਿਹਾ ਹੈ, ਪਰ ਮਜ਼ਦੂਰ ਵਰਗ ਤੇ ਕਈ ਸਾਲਾਂ ਤੋਂ ਹੁੰਦੇ ਆ ਰਹੇ ਜ਼ੁਲਮ ਨੂੰ ਨਹੀਂ – ਜਿਸ ਤੋਂ ਥੱਕ ਕੇ ਜਨਤਾ ਸਰਕਾਰ ਤੇ ਪੂੰਜੀਵਾਦੀਆਂ ਖਿਲਾਫ ਇਕਜੁੱਟ ਹੋ ਜਾਂਦੀ ਹੈ ਜੋ ਦਿਨ ਰਾਤ ਓਹਨਾ ਦੀ ਮਿਹਨਤ ਨੂੰ ਲੁੱਟਦੇ ਹਨ।

ਇਤਿਹਾਸ ਦੌਰਾਨ ਹਰ ਰਾਜੇ, ਬਾਦਸ਼ਾਹ, ਰਾਜਨੇਤਾ ਅਤੇ ਪੂੰਜੀਪਤੀ ਨੂੰ ਇਹੋ ਡਰ ਰਿਹਾ ਹੈ। ਇਸ ਲਈ ਉਹ ਲੋਕਾਂ ਨੂੰ ਉਨ੍ਹਾਂ ਮੁੱਦਿਆਂ ‘ਤੇ ਲੜਾ ਕੇ ਇਕ ਦੂਜੇ ਦੇ ਦੁਸ਼ਮਣ ਬਣਾਉਂਦੇ ਹਨ ਜੋ ਮਾਇਨੇ ਨਹੀਂ ਰੱਖਦੇ ਤਾਂ ਕਿ ਲੋਕ ਅਸਲੀਅਤ ਤੋਂ ਜਾਣੂ ਨਾ ਹੋਣ – ਉਹ ਅਸਲੀਅਤ ਜਿਸ ਵਿੱਚ ਹਾਕਮ ਵਰਗ ਦੇ ਲੋਕ ਮਜ਼ਦੂਰ ਵਰਗ ਦੇ ਲੋਕਾਂ ਦਾ ਅਤੇ ਓਹਨਾ ਦੀ ਮਿਹਨਤ ਦਾ ਸ਼ੋਸ਼ਣ ਕਰਦੇ ਹਨ। ਇਸ ਲਈ ਉਹ ਕਦੇ ਵੀ ਏਕਤਾ ਦਾ ਪ੍ਰਚਾਰ ਨਹੀਂ ਕਰਦੇ। ਇਹੀ ਕਾਰਨ ਹੈ ਕਿ ਉਹ ਮੀਡੀਆ ਨੂੰ ਨਿਯੰਤਰਿਤ ਕਰਦੇ ਹਨ, ਇਸ਼ਤਿਹਾਰਬਾਜ਼ੀ ਵਿੱਚ ਅਰਬਾਂ ਪੈਸੇ ਪਾਉਂਦੇ ਹਨ, ਅਤੇ ਲੋਕਾਂ ਦੇ ਵਿਚਾਰਾਂ ਨੂੰ ਨਿਯੰਤਰਿਤ ਕਰਨ ਲਈ ਇੰਟਰਨੈਟ ਸੈਂਸਰਸ਼ਿਪ ਅਤੇ ਜਨਤਕ ਨਿਗਰਾਨੀ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਜੇਕਰ ਤੁਸੀਂ ਲੋਕਾਂ ਦੇ ਵਿਚਾਰਾਂ ਨੂੰ ਨਿਯੰਤਰਿਤ ਕਰ ਸਕਦੇ ਹੋ, ਤਾਂ ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਲੋਕ ਕੀ ਸੋਚਦੇ ਹਨ ਅਤੇ ਉਹ ਕਿਹੜੇ ਫ਼ੈਸਲੇ ਲੈਂਦੇ ਹਨ। ਇਹੀ ਕਾਰਨ ਹੈ ਕਿ ਉਹ ਸ਼ੁਰੂਆਤੀ ਬਗਾਵਤ –  ਜੋ ਕਿ ਇੱਕ ਜਨਤਕ ਜਾਗ੍ਰਿਤੀ ਅਤੇ ਸਰਵਪੱਖੀ ਇਨਕਲਾਬ ਦਾ ਕਾਰਨ ਬਣ ਸਕਦਾ ਹੈ – ਨੂੰ ਕੁਚਲਣ ਲਈ ਸਭ ਕੁਝ ਕਰਦੇ ਹਨ। ਅਤੇ  ਇਹੀ ਕਾਰਨ ਹੈ ਕਿ ਉਨ੍ਹਾਂ ਨੇ ਜੂਲੀਅਨ ਅਸਾਂਜ ਵਰਗੇ ਲੋਕਾਂ ਨੂੰ ਅਮਰੀਕੀ-ਕੇਂਦਰਿਤ ਸਾਮਰਾਜ ਦਾ ਪਰਦਾਫਾਸ਼ ਕਰਨ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਸਾਨੂੰ ਸਾਡੀ ਗਿਣਤੀ ਦੀ ਤਾਕਤ ਦਾ ਅਹਿਸਾਸ ਕਰਨ ਤੋਂ ਕੀ ਰੋਕ ਰਿਹਾ ਹੈ?

ਸਕੂਲ ਅਤੇ ਧਰਮ ਲੋਕਾਂ ਨੂੰ ਆਪਣੇ ਮਾਲਕਾਂ ਦੇ ਆਗਿਆਕਾਰੀ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਸਕੂਲ ਇੱਕ ਅਜਿਹੀ ਸੰਸਥਾ ਹੈ ਜਿੱਥੇ ਇੱਕ ਵਿਅਕਤੀ ਨੂੰ ਲਗਭਗ ਇੱਕ ਦਹਾਕੇ ਤੋਂ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਸਰਕਾਰ ਲੋਕਾਂ ਦੀ ਪਰਵਾਹ ਕਰਦੀ ਹੈ, ਅਤੇ ਵੋਟਿੰਗ ਮੌਜੂਦਾ ਸਰਕਾਰ ਨਾਲ ਹੋਣ ਵਾਲੀ ਕਿਸੇ ਵੀ ਸਮੱਸਿਆ ਦਾ ਹੱਲ ਹੈ। ਜਦੋਂ ਬੱਚਾ ਪਹਿਲੀ ਬਾਰ ਸਕੂਲ ਜਾਂਦਾ ਹੈ ਓਦੋਂ ਉਸ ਵਿੱਚ ਆਲੋਚਨਾਤਮਕ ਤੌਰ ‘ਤੇ ਸੋਚਣ ਦੀ ਸਮਰੱਥਾ ਹੁੰਦੀ ਹੈ, ਉਸ ਕੋਲ ਚੀਜ਼ਾਂ ਬਾਰੇ ਜਾਣਨ ਦੀ ਸੱਚੀ ਉਤਸੁਕਤਾ ਹੁੰਦੀ ਹੈ, ਉਹ ਹਰ ਚੀਜ਼ ‘ਤੇ ਸਵਾਲ ਉਠਾਉਂਦਾ ਹੈ, ਪਰ ਸਕੂਲ ਵਿੱਚ 10-12 ਸਾਲ ਲਗਾਉਣ ਤੋਂ ਬਾਅਦ ਉਹ ਇੱਕ ਅਜਿਹਾ ਨਾਗਰਿਕ ਬਣ ਜਾਂਦਾ ਹੈ ਜਿਸ ਵਿੱਚ ਖੁਦ ਸੋਚਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਉਹ ਸਵਾਲ ਉਠਾਉਣ ਦੀ ਬਜਾਏ ਕਿਸੇ ਵੀ ਤਰਾਂ ਦੀ ਸਥਿਤੀ ਨੂੰ ਸਵੀਕਾਰ ਕਰਦਾ ਹੈ, ਅਤੇ ਸਰਕਾਰ ਦਾ ਗੁਲਾਮ ਬਣਕੇ ਰਹਿ ਜਾਂਦਾ ਹੈ। ਅਤੇ ਮੈਂ ਧਰਮ ਬਾਰੇ ਕੀ ਬੋਲਾਂ? ਇਹ ਸ਼ਾਬਦਿਕ ਤੌਰ ‘ਤੇ ਲੋਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਇੱਕ ਸਿਸਟਮ ਦੀ ਤਬਦੀਲੀ, ਜੇਕਰ ਕਦੇ ਵੀ ਵਾਪਰਦੀ ਹੈ, ਕੇਵਲ ਪ੍ਰਮਾਤਮਾ ਦੀ ਸਹਿਮਤੀ ਨਾਲ ਹੀ ਹੋ ਸਕਦੀ ਹੈ, ਅਤੇ ਇਸ ਲਈ ਸਾਨੂੰ ਚੁੱਪ ਚਾਪ ਬੈਠਣਾ ਚਾਹੀਦਾ ਹੈ, ਅਤੇ ਤਬਦੀਲੀ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ, ਜਦੋਂ ਕਿ ਸੰਸਾਰ ਅਤੇ ਮਨੁੱਖਤਾ ਸਾਡੀਆਂ ਅੱਖਾਂ ਦੇ ਸਾਹਮਣੇ ਡੁੱਬ ਰਹੀਆ ਹੋਣ।

ਅਤੇ TV ਮੀਡੀਆ ਅਦਾਰਿਆਂ ਨੂੰ ਨਾ ਭੁੱਲੋ (ਸੋਸ਼ਲ ਮੀਡੀਆ ਵੀ ਸ਼ਾਮਲ ਹੈ)। ਉਹ ਲਗਾਤਾਰ ਉਹ ਪ੍ਰਚਾਰ ਕਰਦੇ ਹਨ ਜੋ ਸਰਕਾਰ ਅਤੇ ਪੂੰਜੀਵਾਦੀ ਸਾਨੂੰ ਸੁਣਾਉਣਾ ਚਾਹੁੰਦੇ ਹਨ। ਉਹ ਲਗਾਤਾਰ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਹੇਰਾਫੇਰੀ ਕਰਦੇ ਹਨ ਕਿ ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂ, ਅਤੇ ਤੁਹਾਨੂੰ ਸਰਕਾਰ ਅਤੇ ਪੂੰਜੀਵਾਦ ਖ਼ਿਲਾਫ਼ ਕਦੇ ਵੀ ਬਗਾਵਤ ਨਹੀਂ ਕਰਨੀ ਚਾਹੀਦੀ। ਕੋਈ ਵੀ ਬੰਦਾ ਜੋ ਸੱਤਾਧਾਰੀ ਕੁਲੀਨ ਵਰਗ ਨੂੰ ਚੁਣੌਤੀ ਦਿੰਦਾ ਹੈ ਜਾਂ ਪੂੰਜੀਵਾਦ ਲਈ ਖ਼ਤਰਾ ਬਣਦਾ ਹੈ, ਮੀਡੀਆ ਉਸਨੂੰ ਇਕ “ਰਾਸ਼ਟਰੀ ਖਤਰੇ” ਵਜੋਂ ਪੇਸ਼ ਕਰਦਾ ਹੈ ਤਾਂ ਜੋ ਲੋਕ ਉਸ ਬਾਰੇ ਚੰਗਾ ਨਾ ਸੋਚਣ ਜਾਂ ਉਸਦੇ ਰਾਹ ਤੇ ਨਾ ਚਲਣ। ਮੀਡੀਆ ਲੋਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਮਹਾਨ ਹੈ, ਭਾਵੇਂ ਹਕੀਕਤ ਕੁਝ ਹੋਰ ਕਹੇ।
ਇਹ ਤਿੰਨ ਕਾਰਨ ਹਨ ਕਿ ਮਨੁੱਖਤਾ ਦੀ ਵੱਡੀ ਬਹੁਗਿਣਤੀ ਅਜੇ ਵੀ ਸੁੱਤੀ ਹੋਈ ਹੈ ਅਤੇ ਇਹ ਨਹੀਂ ਸਮਝ ਸਕੀ ਕਿ ਇੱਕ ਬਿਹਤਰ ਸੰਸਾਰ ਵਿੱਚ ਤਬਦੀਲੀ ਸੰਭਵ ਹੈ ਜੇਕਰ ਅਸੀਂ ਸ਼ੇਰਾਂ ਵਾਂਗ ਉੱਠੀਏ, ਅਤੇ ਆਮ ਜਨਤਾ ਦੇ ਸੋਸ਼ਣ ਕਰਨ ਵਾਲੇ ਤੇ ਪੂੰਜੀਵਾਦੀਆ ਦਾ ਫਾਇਦਾ ਕਰਨ ਵਾਲੇ ਸਿਸਟਮ ਨੂੰ ਉਖਾੜ ਕੇ ਸੁੱਟ ਦੇਈਏ ਅਤੇ ਇੱਕ ਨਵੀਂ ਸਰਕਾਰ ਦਾ ਨਹੀਂ ਬਲਕਿ ਨਵੇਂ ਸਿਸਟਮ ਦਾ ਨਿਰਮਾਣ ਕਰੀਏ । ਮੀਡੀਆ ਜਾਂ ਸਕੂਲ ਕਦੇ ਵੀ ਤੁਹਾਨੂੰ ਲੋਕਤੰਤਰ ਦੀ ਅਸਲੀ ਸਚਾਈ ਬਾਰੇ ਨਹੀਂ ਦਸਦੇ। ਹਾਂ, ਮੈਂ ਇਹ ਮੰਨਦਾ ਹਾਂ ਕਿ ਲੋਕਤੰਤਰ ਵਿੱਚ ਲੋਕ ਵੋਟਾਂ ਪਾ ਕੇ ਸਰਕਾਰ ਚੁਣ ਸਕਦੇ ਹਨ, ਪਰ ਕੀ ਵੋਟਾਂ ਪਾ ਕੇ ਮਜ਼ਦੂਰ ਅਤੇ ਕਿਸਾਨ ਵਰਗ ਦੇ ਲੋਕਾਂ ਦੇ ਹਾਲਾਤ ਬਦਲਦੇ ਹਨ? ਨਹੀਂ। ਦੋ ਪਾਰਟੀਆਂ ਦੇ ਹੋਣ ਦਾ ਮਤਲਬ ਇੱਕੋ ਪੰਛੀ ਦੇ ਦੋ ਖੰਭਾਂ ਦੇ ਬਰਾਬਰ ਹੈ। ਤੁਸੀ ਵੋਟਾਂ ਪਾ ਕੇ ਖੰਭ ਤਾਂ ਚੁਣ ਸਕਦੇ ਹੋ, ਪਰ ਪੰਛੀ ਓਹੀ ਪੁਰਾਣਾ ਰਹਿੰਦਾ ਹੈ। ਪੰਛੀ ਤੋਂ ਮੇਰਾ ਭਾਵ ਹੈ ਸਿਸਟਮ, ਉਹ ਸਿਸਟਮ ਜੋ ਸਿਰਫ਼ ਮੁੱਠੀ ਭਰ ਲੋਕਾਂ ਲਈ ਫਾਇਦੇਮੰਦ ਹੈ।

ਅਸਲ ਵਿੱਚ ਬਦਲਾਵ ਵੋਟਾਂ ਨਾਲ ਨਹੀਂ, ਬਲਕਿ ਇਨਕਲਾਬ ਨਾਲ ਆਉਂਦਾ ਹੈ, ਪੂੰਜੀਵਾਦ ਸਿਸਟਮ ਵਿੱਚ ਪਾਰਟੀਆਂ ਬਦਲ ਕੇ ਨਹੀਂ ਬਲਕਿ ਇੱਕ ਸਮਾਜਵਾਦੀ ਸਿਸਟਮ ਸਥਾਪਿਤ ਕਰਕੇ ਆਉਂਦਾ ਹੈ। ਅਤੇ ਇਹ ਸਭ ਹੋਣ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਹੋਣਾ ਬਹੁਤ ਜਰੂਰੀ ਹੈ। ਲੋਕ ਤੇ ਜ਼ੁਲਮ ਹੁੰਦਾ ਰਹੇਗਾ, ਪੂੰਜੀਵਾਦੀ ਲਾਭ ਉਠਾਉਂਦੇ ਰਹਿਣਗੇ, ਮਜਦੂਰਾਂ ਦੀ ਮਿਹਨਤ ਲੁੱਟੀ ਜਾਂਦੀ ਰਹੇਗੀ, ਸਿਆਸਤਦਾਨ ਝੂਠ ਬੋਲਦੇ ਰਹਿਣਗੇ ਜਦੋਂ ਤੱਕ ਅਸੀਂ ਆਪਣੀਆਂ ਅੱਖਾਂ ਨਹੀਂ ਖੋਲ੍ਹਦੇ ਅਤੇ ਇਹ ਮਹਿਸੂਸ ਨਹੀਂ ਕਰਦੇ ਕਿ ਅਸਲ ਤਾਕਤ ਸਾਡੇ ਕੋਲ ਹੈ, ਉਨ੍ਹਾਂ ਕੋਲ ਨਹੀਂ।

ਇਸ ਲੇਖ ਦਾ ਅੰਤ ਹੇਠ ਲਿਖੀਆਂ ਸਤਰਾਂ ਨਾਲੋਂ ਵਧੀਆ ਨਹੀਂ ਹੋ ਸਕਦਾ:

Rise, like lions after slumber
In unvanquishable number!
Shake your chains to earth like dew
Which in sleep had fallen on you:
You are many-they are few!
— Percy Bysshe Shelley.